ਸਰਾਂ : ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਭੱਟੀ ਰਾਜੇ ਸਲਵਾਨ ਦੇ ਪੰਦਰਾਂ ਪੁੱਤਰ ਸਨ। ਸਲਵਾਨ ਭੱਟਨੇਰ ਦਾ ਇੱਕ ਪ੍ਰਸਿੱਧ ਰਾਜਾ ਸੀ। ਇਸ ਦੇ ਇੱਕ ਪੁੱਤਰ ਦਾ ਨਾਮ ਸਾਇਰ ਰਾਉ ਸੀ। ਸਰਾਂ ਗੋਤ ਦੇ ਜੱਟ ਸਰਾਓ ਜਾਂ ਸਾਇਰ ਰਾਉ ਦੀ ਬੰਸ ਵਿਚੋਂ ਹਨ। ਕਈ ਇਤਿਹਾਸਕਾਰਾਂ ਨੇ ਸਲਵਾਨ ਨੂੰ ਸਾਲੋਂ ਵੀ ਲਿਖਿਆ ਹੈ। ਕਿਸੇ ਕਾਰਨ ਇਹ ਲੋਕ ਭੱਟਨੇਰ ਦੇ ਇਲਾਕੇ ਨੂੰ ਛੱਡ ਕੇ ਸਿਰਸੇ, ਹਿੱਸਾਰ ਤੇ ਬਠਿੰਡੇ ਵੱਲ ਆ ਗਏ। ਘੱਗਰ ਨਦੀ ਦੇ ਆਸਪਾਸ ਹਰਿਆਣੇ ਤੇ ਪੰਜਾਬ ਦੇ ਖੇਤਰ ਵਿੱਚ ਆਬਾਦ ਹੋ ਗਏ। ਬਠਿੰਡੇ ਵਿੱਚ ਸਰਾਵਾਂ ਦੇ 12 ਪਿੰਡ ਜੱਸੀ, ਪੱਕਾ, ਪਥਰਾਲਾ, ਸੇਖੂ, ਜੋਗੇਵਾਲਾ, ਤਖਤੂ, ਫਲੜ, ਸ਼ੇਰਗੜ੍ਹ, ਮਸਾਣਾ, ਦੇਸੂ, ਪੰਨੀਵਾਲਾ, ਵਾਘਾ ਆਦਿ ਹਨ। ਮਾਨਸਾ ਇਲਾਕੇ ਦੇ ਸਰਾਂ ਆਪਣਾ ਗੋਤ ਸਰਾਉਂ ਲਿਖਦੇ ਹਨ। ਮਾਨਸਾ ਸੁਨਾਮ ਦੇ ਇਲਾਕੇ ਵਿੱਚ ਕੋਟੜਾ ਸਰਾਉਂ ਗੋਤ ਦਾ ਪ੍ਰਸਿੱਧ ਪਿੰਡ ਹੈ। ਮੁਕਤਸਰ ਜ਼ਿਲ੍ਹੇ ਵਿੱਚ ਕੱਚਾ ਕਾਲੇਵਾਲਾ ਪਿੰਡ ਸਾਰਾ ਹੀ ਸਰਾਂ ਗੋਤ ਦਾ ਹੈ। ਫਿਰੋਜ਼ਪੁਰ ਵਿੱਚ ਮੁਰਾਦ ਵਾਲਾ ਵੀ ਸਰਾਂ ਗੋਤ ਦਾ ਇੱਕ ਉੱਘਾ ਪਿੰਡ ਹੈ। ਫਰੀਦਕੋਟ ਤੇ ਮੋਗੇ ਦੇ ਇਲਾਕੇ ਵਿੱਚ ਸਰਾਂ ਪੱਕਾ ਪੱਥਰਾਲਾ ਦੇ ਇਲਾਕੇ ਵਿਚੋਂ ਆਕੇ ਆਬਾਦ ਹੋਏ ਹਨ। ਮੋਗੇ ਗਿੱਲ ਦੀ ਪੱਕੇ ਰਿਸ਼ਤੇਦਾਰੀ ਸੀ। ਉਸ ਦੇ ਸਹੁਰੇ ਬਾਰੇ ਸਰਾਂ ਦੀ ਮੁਗਲਾਂ ਦੇ ਦਰਬਾਰ ਵਿੱਚ ਪੂਰੀ ਚੌਧਰ ਚੱਲਦੀ ਸੀ। ਪਟਿਆਲੇ ਤੇ ਸੰਗਰੂਰ ਦੇ ਜ਼ਿਲ੍ਹਿਆਂ ਵਿੱਚ ਵੀ ਕੁਝ ਸਰਾਂ ਆਬਾਦ ਹਨ। ਸਰਾਵਾਂ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ। ਕਿਸੇ ਸਮੇਂ ਸਰਹੰਦ ਦੇ ਸਮਾਣੇ ਦੇ ਖੇਤਰ ਵਿੱਚ ਵੀ ਸਰਾਵਾਂ ਦਾ ਬੋਲਬਾਲਾ ਸੀ। ਸਤਲੁਜ ਦੇ ਖੇਤਰ ਲੁਧਿਆਣਾ ਤੇ ਫਿਰੋਜ਼ਪੁਰ ਆਦਿ ਵਿੱਚ ਵੀ ਸਰਾਂ ਕਾਫ਼ੀ ਸਨ। ਅਕਾਲੀ ਫੂਲਾ ਸਿੰਘ ਸਰਾਉਂ ਜੱਟ ਸੀ। ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ ਤੇ ਗੁੱਜਰਾਂਵਾਲਾ ਦੇ ਇਲਾਕਿਆਂ ਵਿੱਚ ਵੀ ਸਰਾਵਾਂ ਦੇ ਕਾਫ਼ੀ ਪਿੰਡ ਸਨ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗੜ੍ਹਦੀਵਾਲਾ ਪਾਸ ਚਿਪੜਾ ਪਿੰਡ ਵੀ ਸਰਾਂ ਗੋਤ ਦੇ ਜੱਟਾਂ ਦਾ ਹੈ। ਦੁਆਬੇ ਵਿੱਚ ਸਰਾਂ ਬਹੁਤ ਘੱਟ ਹਨ। ਮੁਗਲਾਂ ਦੇ ਸਮੇਂ ਸਰਾਂ ਗੋਤ ਦੇ ਕੁਝ ਜੱਟ ਮੁਸਲਮਾਨ ਬਣ ਗਏ ਸਨ। ਪਿੰਡ ਬੜੀ ਟਿੱਬਾ ਦਾ ਦੁਲਾ ਸਿੰਘ ਸਰਾਉਂ ਮਹਾਰਾਜਾ ਰਣਜੀਤ ਸਿੰਘ ਦਾ ਖਿੜਾਵਾ ਹੋਇਆ ਹੈ। ਪਿੰਡ ਜੱਸੀ ਜ਼ਿਲ੍ਹਾ ਬਠਿੰਡਾ ਦੇ ਸੁਫਨਾ ਸਿੰਘ ਸਰਾਂ ਗੁਰੂ ਗੋਬਿੰਦ ਸਿੰਘ ਦਾ ਪੱਕਾ ਸੇਵਕ ਸੀ।
1881 ਦੀ ਜਨਸੰਖਿਆ ਅਨੁਸਾਰ ਪੰਜਾਬ ਵਿੱਚ ਸਰਾਂ ਗੋਤ ਦੇ ਜੱਟਾਂ ਦੀ ਗਿਣਤੀ 21826 ਸੀ। ਨਵੀਂ ਖੋਜ ਅਨੁਸਾਰ ਇਹ ਤੂਰ ਹਨ। ਇਹ ਲੋਕ ਮੱਧ ਏਸ਼ੀਆ ਦੇ ਸਾਇਰ ਦਰਿਆ ਦੇ ਖੇਤਰ ਤੋਂ ਆਏ ਹਨ। ਇਹ ਸਾਕਾ ਬੰਸੀ ਕਬੀਲੇ ਦੇ ਲੋਕ ਸਨ। ਸਰਾਂ ਵੀ ਇੱਕ ਉੱਘਾ ਤੇ ਛੋਟਾ ਗੋਤ ਹੈ। ਸੰਘਾ : ਇਹ ਪੰਜਾਬ ਦੇ ਜੱਟਾਂ ਦਾ ਇੱਕ ਪੁਰਾਣਾ ਕਬੀਲਾ ਹੈ। ਇਸ ਬੰਸ ਦਾ ਵਡੇਰਾ ਸਰੋਈ ਸੀ। ਇਸ ਖ਼ਾਨਦਾਨ ਦਾ ਕਿਸੇ ਸਮੇਂ ਦਿੱਲੀ 'ਚ ਰਾਜ ਸੀ। ਅੱਠਵੀਂ ਸਦੀ ਵਿੱਚ ਤੰਵਰਾਂ ਨੇ ਇਨ੍ਹਾਂ ਨੂੰ ਹਰਾਕੇ ਦਿੱਲੀ ਤੇ ਆਪਣਾ ਰਾਜ ਕਾਇਮ ਕਰ ਲਿਆ। ਸਰੋਈ ਬੰਸ ਦੇ ਢਿੱਲੋਂ, ਸੰਘੇ, ਮਲ੍ਹੀ, ਦੋਸਾਂਝ ਤੇ ਰਾਜਸਥਾਨ ਵੱਲ ਚਲੇ ਗਏ। ਪੰਦਰ੍ਹਵੀਂ ਸਦੀ ਦੇ ਅੰਤ ਵਿੱਚ ਇਹ ਪੰਜਾਬ ਦੇ ਮਾਲਵਾ ਖੇਤਰ ਵਿੱਚ ਆ ਗਏ। ਅੱਧੇ ਮਾਲਵੇ ਤੇ ਭੱਟੀਆਂ ਤੇ ਪੰਵਾਰਾਂ ਦਾ ਕਬਜ਼ਾ ਸੀ।
ਪ੍ਰਸਿੱਧ ਇਤਿਹਾਸਕਾਰ ਤੇ ਮਹਾਨ ਵਿਦਵਾਨ ਸ਼ਮਸ਼ੇਰ ਸਿੰਘ ਅਸ਼ੋਕ ਨੇ ਆਪਣੀ ਕਿਤਾਬ 'ਪੰਜਾਬੀ ਜੀਵਨ ਤੇ ਸੰਸਕ੍ਰਿਤੀ' ਵਿੱਚ ਲਿਖਿਆ ਹੈ ਕਿ ਸੰਘੇ ਖ਼ਾਨਦਾਨ ਦੇ ਲੋਕ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਤਰਨਤਾਰਨ ਦੇ ਲਾਗੇ ਸੰਘਾ ਪਿੰਡ, ਜ਼ਿਲ੍ਹਾ ਜਲੰਧਰ ਵਿੱਚ ਕਾਲਾ ਸੰਘਾ, ਜੰਡੂ ਸੰਘਾ, ਦੁਸਾਂਝ ਆਦਿ ਤੇ ਮਾਲਵੇ ਦੇ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਭਾਈਕੀ ਡਰੌਲੀ, ਜ਼ਿਲ੍ਹਾ ਸੰਗਰੂਰ ਵਿੱਚ ਪਿੰਡ ਗੁਆਰਾ ਆਦਿ ਰਹਿੰਦੇ ਹਨ। ਇਨ੍ਹਾਂ ਦੀ ਵੰਸ਼ਾਵਲੀ ਸਿੱਧੀ ਸੂਰਜ ਬੰਸ ਨਾਲ ਜਾ ਮਿਲਦੀ ਹੈ। ਮੱਲ੍ਹੀ ਤੇ ਢਿੱਲੋਂ ਇਸੇ ਗੋਤ ਦੀਆਂ ਦੋ ਵੱਖੋ?ਵੱਖ ਸ਼ਾਖਾਂ ਹਨ। ਇਲਾਕਾ ਚੜਿੱਕ ਸਿੱਧਾਂ ਦੇ ਸਮੇਂ ਵਿੱਚ ਸੰਘੇ ਗੋਤ ਦੇ ਜੱਟਾਂ ਨੇ ਵਸਾਇਆ ਸੀ। ਗਿੱਲਾਂ ਨਾਲ ਅਣਬਨ ਹੋਣ ਕਾਰਨ ਸੰਘੇ ਮੋਗੇ ਤੋਂ ਅੱਠ ਮੀਲ ਅੱਗੇ ਡਰੌਲੀ ਵਿੱਚ ਜਾ ਵਸੇ ਸਨ।
ਈਸਵੀ 1852?53 ਦੇ ਪਹਿਲੇ ਬੰਦੋਬਸਤ ਅਨੁਸਾਰ ਡਰੌਲੀ ਨਾਂ ਦੀ ਨਾਚੀ ਨੇ ਮੁਸਲਮਾਨ ਬਾਦਸ਼ਾਹ ਤੋਂ ਏਥੇ ਕੁਝ ਜਾਗੀਰ ਲਈ ਸੀ। ਸੰਘੇ ਡਰੌਲੀ ਦੇ ਮੁਜਾਰੇ ਬਣ ਗਏ। ਉਸ ਦੀ ਮੌਤ ਮਗਰੋਂ ਉਹ ਉਸਦੀ ਜਾਗੀਰ ਦੇ ਮਾਲਕ ਬਣ ਗਏ। ਜ਼ਿਲ੍ਹਾ ਫਿਰੋਜ਼ਪੁਰ ਦੇ ਗਜ਼ਟੀਅਰ ਅਨੁਸਾਰ ਬਾਬਾ ਲੂੰਬੜੇ ਨੇ ਸੰਘੇ ਖ਼ਾਨਦਾਨ ਨੂੰ ਮਾਲਵੇ ਵਿੱਚ ਵਸਾਇਆ। ਡਰੌਲੀ ਦੇ ਮੋਢੀ ਬਾਬਾ ਲੂੰਬੜੇ ਦੇ ਦੋ ਵਾਰਿਸ ਅਜਬ ਅਤੇ ਅਜ਼ੈਬ ਹੋਏ। ਇਹ ਦੋਵੇਂ ਭਰਾ ਤੀਸਰੀ ਪਾਤਸ਼ਾਹੀ ਦੇ ਸੇਵਕ ਸਨ। ਭਾਈ ਗੁਰਦਾਸ ਦੀ ਵਾਰ ਵਿੱਚ ਵੀ ਇਨ੍ਹਾਂ ਬਾਰੇ ਲਿਖਿਆ ਹੈ। ਗੁਰੂ ਅਮਰਦਾਸ ਜੀ ਦੇ ਸਮੇਂ ਸੰਘੇ ਕੇਵਲ ਡਰੌਲੀ ਵਿੱਚ ਹੀ ਆਬਾਦ ਸਨ।
ਗੁਰੂ ਹਰਗੋਬਿੰਦ ਜੀ ਦਾ ਸਾਂਢੂ ਸਾਈਂ ਦਾਸ ਖੱਤਰੀ ਡਰੌਲੀ ਵਿੱਚ ਰਹਿੰਦਾ ਸੀ। ਉਹ ਗੁਰੂ ਅਰਜੁਨ ਦੇਵ ਦਾ ਪੱਕਾ ਸੇਵਕ ਸੀ। ਸੰਘੇ ਵੀ ਸਿੱਖੀ ਵਿੱਚ ਬਹੁਤ ਸ਼ਰਧਾ ਰੱਖਦੇ ਸਨ। ਛੇਵੇਂ ਪਾਤਸ਼ਾਹ ਨੇ ਖ਼ੁਸ਼ ਹੋਕੇ ਡਰੌਲੀ ਪਿੰਡ ਨੂੰ ਭਾਈਕੀ ਦਾ ਖਿਤਾਬ ਦਿੱਤਾ ਤਾਂ ਲੋਕ ਸੰਘੇ ਖ਼ਾਨਦਾਨ ਦੇ ਲੋਕਾਂ ਨੂੰ ਵੀ ਭਾਈਕੇ ਕਹਿਣ ਲੱਗ ਪਏ। ਡਰੌਲੀ ਦੀ ਸੰਗਤ ਨੂੰ ਗੁਰੂ ਜੀ ਨੇ ਆਪ ਹੀ ਕਟਾਰ ਤੇ ਪੋਥੀ ਬਖਸ਼ੀ। ਸੰਘੇ ਖ਼ਾਨਦਾਨ ਦਾ ਭਾਈ ਕਲਿਆਣ ਦਾਸ ਛੇਵੇਂ ਪਾਤਸ਼ਾਹ ਦਾ ਪੱਕਾ ਸਿੱਖ ਸੀ। ਉਹ ਅਜ਼ੈਬ ਦਾ ਪੋਤਰਾ ਸੀ। ਭਾਈ ਕਲਿਆਣ ਦਾ ਪੁੱਤਰ ਵੀ ਆਪਣੇ ਪਿਤਾ ਵਾਂਗ ਬੜਾ ਬਹਾਦਰ ਸੀ, ਉਹ ਦਸਮ ਗੁਰੂ ਦਾ ਸੈਨਾਪਤੀ ਬਣਿਆ ਉਸ ਦਾ ਨਾਮ ਭਾਈ ਨੰਦ ਚੰਦ ਸੀ। ਭਾਈ ਨੰਦ ਚੰਦ ਦਾ ਪੁੱਤਰ ਭਾਈ ਦੇਸ ਰਾਜ ਵੀ ਗੁਰੂ ਜੀ ਦਾ ਸ਼ਰਧਾਲੂ ਸੀ। ਭਾਈ ਕਲਿਆਣ ਦਾਸ ਦੀ ਬੰਸ ਨੇ ਦੋਵੇਂ ਕੋਰੇਵਾਲੇ, ਦੋਵੇਂ ਤੈਮੂਰ, ਜੋਗੇਵਾਲਾ, ਭਾਈਕਾ ਵਾੜਾ ਆਦਿ ਕਈ ਨਵੇਂ ਪਿੰਡ ਬੰਨ੍ਹੇ ਸਨ।
ਮਾਲਵੇ ਵਿੱਚ ਜਦੋਂ ਸੰਘਿਆਂ ਦੀ ਗਿਣਤੀ ਵੱਧ ਗਈ ਤਾਂ ਕੁਝ ਸੰਘੇ ਲੁਧਿਆਣੇ ਤੋਂ ਵੀ ਅੱਗੇ ਮਾਝੇ ਤੇ ਦੁਆਬੇ ਵੱਲ ਚਲੇ ਗਏ। ਕਿਸੇ ਸਮੇਂ ਸੰਘੋਲ ਵੀ ਸੰਘੇ ਜੱਟਾਂ ਦਾ ਘਰ ਸੀ। ਸੰਘੋਲ ਕਈ ਵਾਰ ਉਜੜਿਆ ਤੇ ਕਈ ਵਾਰ ਵਸਿਆ। ਇਸ ਪਿੰਡ ਵਿੱਚ ਬਹੁਤ ਹੀ ਪ੍ਰਾਚੀਨ ਥੇਹ ਹੈ। ਹੂਣਾਂ ਨੇ ਵੀ ਇਸ ਨੂੰ ਤਬਾਹ ਕੀਤਾ। ਅੱਗ ਵੀ ਲਾ ਦਿੱਤੀ ਸੀ। ਸਭ ਤੋਂ ਵੱਧ ਸੰਘੇ ਦੁਆਬੇ ਵਿੱਚ ਆਬਾਦ ਹਨ। ਸਾਰਾ ਗੋਤ ਕਾਲਾਸੰਘਾ ਤੋਂ ਹੀ ਵਧਿਆ ਫੁਲਿਆ ਹੈ। ਗੜ੍ਹਸ਼ੰਕਰ ਦੇ ਇਲਾਕੇ ਵਿੱਚ ਚੱਕਸੰਘਾ ਵੀ ਸੰਘੇ ਗੋਤ ਦੇ ਜੱਟਾਂ ਦਾ ਪਿੰਡ ਹੈ। ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਸ਼ਹਾਬਪੁਰ ਵੀ ਸੰਘੇ ਗੋਤ ਦਾ ਪ੍ਰਸਿੱਧ ਪਿੰਡ ਹੈ। ਹੁਣ ਤਾਂ ਸੰਘੇ ਗੋਤ ਦੇ ਜੱਟ ਸਾਰੇ ਪੰਜਾਬ ਵਿੱਚ ਬਠਿੰਡਾ, ਮਾਨਸਾ ਤੱਕ ਵੀ ਆਬਾਦ ਹਨ। ਮਾਨਸਾ ਵਿੱਚ ਸੰਘਾ ਪਿੰਡ ਸੰਘੇ ਗੋਤ ਦੇ ਲੋਕਾਂ ਦਾ ਹੀ ਹੈ। ਸੰਘਾ ਛੋਟਾ ਗੋਤ ਹੀ ਹੈ। ਇੱਕ ਸੰਘੇ ਪਿੰਡ ਤਰਨਤਾਰਨ ਪਾਸ ਹੈ। ਬੀ. ਐੱਸ. ਦਾਹੀਆ ਅਨੁਸਾਰ ਸੰਘੇ ਸਿਕੰਦਰ ਦੇ ਹਮਲੇ ਸਮੇਂ ਵੀ ਪੰਜਾਬ ਵਿੱਚ ਵਸਦੇ ਸਨ। ਹੂਣਾਂ ਦੇ ਹਮਲਿਆਂ ਤੋਂ ਤੰਗ ਆਕੇ ਸੰਘੇ, ਮੱਲ੍ਹੀ ਤੇ ਪਰਮਾਰ ਆਦਿ ਜਾਤੀਆਂ ਦੇ ਲੋਕ ਪੰਜਾਬ ਛੱਡ ਕੇ ਦਿੱਲੀ ਤੇ ਮੱਧ ਪ੍ਰਦੇਸ਼ ਦੇ ਖੇਤਰਾਂ ਵੱਲ ਚਲੇ ਗਏ। ਮੁਸਲਮਾਨ ਦੇ ਹਮਲਿਆਂ ਸਮੇਂ ਫਿਰ ਵਾਪਿਸ ਪੰਜਾਬ ਵਿੱਚ ਆ ਗਏ ਸਨ।
ਪੰਜਾਬੀ ਦਾ ਮਹਾਨ ਲੇਖਕ ਤੇ ਬੁੱਧੀਜੀਵੀ ਸ਼ਮਸ਼ੇਰ ਸਿੰਘ ਅਸ਼ੋਕ ਸੰਘਾ ਜੱਟ ਸੀ।
ਮੋਗੇ ਦੇ ਮੇਜਰ ਦਰਬਾਰਾ ਸਿੰਘ ਨੇ 'ਸੰਘਿਆਂ ਦਾ ਇਤਿਹਾਸ' ਇੱਕ ਖੋਜ ਭਰਪੂਰ ਪੁਸਤਕ ਲਿਖੀ ਹੈ। ਜਿਸ ਵਿੱਚ ਸੰਘੇ ਜੱਟਾਂ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ। ਉੱਤਰੀ ਭਾਰਤ ਦੇ ਇਤਿਹਾਸ ਵਿੱਚ ਮੱਲ੍ਹੀ, ਕੰਗ, ਵਿਰਕ, ਸੰਘੇ, ਸੰਧੂ ਅਤੇ ਖੋਖਰ ਆਦਿ ਜੱਟ ਕਬੀਲਿਆਂ ਦਾ ਯੋਗਦਾਨ ਬਹੁਤ ਹੀ ਮਹੱਤਵ?ਪੂਰਨ ਅਤੇ ਮਹਾਨ ਹੈ। ਸੰਘਾ ਜੱਟਾਂ ਦਾ ਬਹੁਤ ਹੀ ਉੱਘਾ ਤੇ ਛੋਟਾ ਗੋਤ ਹੈ। ਜੱਟ ਕਈ ਜਾਤੀਆਂ ਦਾ ਰਲਿਆ ਮਿਲਿਆ ਭਾਈਚਾਰਾ ਹੈ।
No comments:
Post a Comment