ਗਿੱਲ : ਇਹ ਰਘੂਬੰਸੀ ਵਰਯਾਹ ਰਾਜਪੂਤਾਂ ਦੀ ਸ਼ਾਖ ਹਨ। ਜੱਟਾਂ ਤੇ ਰਾਜਪੂਤਾਂ ਦੇ ਕਈ ਗੋਤ ਰਘੂਬੰਸੀ ਹਨ। ਬਹੁਤੇ ਗਿੱਲ ਜੱਟ ਮਾਲਵੇ ਤੇ ਮਾਝੇ ਵਿੱਚ ਹੀ ਆਬਾਦ ਸਨ। ਦਰਿਆ ਸਤਲੁਜ ਅਤੇ ਬਿਆਸ ਦੇ ਨਾਲ?ਨਾਲ ਫਿਰ ਪਹਾੜ ਦੇ ਨਾਲ?ਨਾਲ ਦੂਰ ਸਿਆਲਕੋਟ ਤੱਕ ਗਿੱਲ ਗੋਤ ਦੇ ਲੋਕ ਵਸਦੇ ਸਨ। ਇਹ ਆਪਣਾ ਪਿੱਛਾ ਗੜ੍ਹ ਮਠੀਲਾ ਦੇ ਰਾਜਾ ਪ੍ਰਿਥਵੀਪਤ ਨਾਲ ਜੋੜਦੇ ਹਨ। ਇਹ ਦੱਖਣ ਤੋਂ ਰਾਜਸਥਾਨ ਰਾਹੀਂ ਹੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ ਹਨ। ਗਿੱਲ ਜੱਟ ਸਿੱਖ ਕਾਫ਼ੀ ਹਨ। ਵਰਯਾਹ ਰਾਜਪੂਤ ਰਾਜਾ ਵਿਨੇਪਾਲ ਨੇ ਰਾਜਸਥਾਨ ਤੋਂ ਆ ਕੇ 655 ਈਸਵੀ ਵਿੱਚ ਸਤਲੁਜ ਕੰਢੇ ਬਠਿੰਡੇ ਦਾ ਕਿਲ੍ਹਾ ਉਸਾਰਿਆ ਸੀ ਤੇ ਇਸ ਨੂੰ ਆਪਣੀ ਰਾਜਧਾਨੀ ਬਣਾਕੇ ਪਿਸ਼ੌਰ ਤੱਕ ਦੇ ਇਲਾਕੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਬੰਸ ਦਾ 1010 ਈਸਵੀ ਤੱਕ ਪੰਜਾਬ ਤੇ ਅਧਿਕਾਰ ਰਿਹਾ। ਗਿੱਲ ਹਿੰਦੂ ਘੱਟ ਹਨ। ਵਿਕਰਮਾਦਿੱਤ ਦੀ 26ਵੀਂ ਪੀੜੀ ਤੇ ਵਰਯਾਹ ਹੋਇਆ।
ਵਰਯਾਹ ਦੀ ਬੰਸ ਵਿਚੋਂ ਹੀ ਵਿਨੇਪਾਲ, ਵਿਜੇਪਾਲ, ਸਤਪਾਲ ਤੇ ਗਣਪਾਲ ਆਦਿ ਹੋਏ। ਗਿੱਲ ਕਸ਼ੱਤਰੀ ਹਨ।
ਇੱਕ ਹੋਰ ਰਵਾਇਤ ਅਨੁਸਾਰ ਰਘੂਬੰਸੀ ਰਾਜੇ ਪ੍ਰਿਥੀਪਤ ਦੇ ਕੋਈ ਉਲਾਦ ਨਹੀਂ ਸੀ। ਉਸ ਨੂੰ ਕਿਸੇ ਸਾਧੂ ਨੇ ਛੋਟੀ ਜਾਤ ਦੀ ਇਸਤਰੀ ਨਾਲ ਵਿਆਹ ਕਰਨ ਲਈ ਆਖਿਆ। ਉਸਨੇ ਭੁੱਲਰ ਜੱਟੀ ਨਾਲ ਵਿਆਹ ਕਰਾ ਲਿਆ। ਉਸ ਜੱਟੀ ਦੇ ਜੋ ਪੁੱਤਰ ਹੋਇਆ, ਉਸਨੂੂੰ ਰਾਜਪੂਤ ਰਾਣੀਆਂ ਨੇ ਜੰਗਲ ਵਿੱਚ ਸੁੱਟਵਾ ਦਿੱਤਾ। ਰੱਬ ਦੀ ਕਰਨੀ ਵੇਖੋ, ਉਸ ਜੰਗਲ ਵਿੱਚ ਦੂਜੇ ਦਿਨ ਰਾਜਾ ਸ਼ਿਕਾਰ ਖੇਡਣ ਗਿਆ। ਤਾਂ ਰਾਜੇ ਨੂੰ ਇਹ ਬੱਚਾ ਮਿਲ ਗਿਆ। ਰਾਜੇ ਨੂੰ ਸਾਰੀ ਸਾਜ਼ਿਸ਼ ਦਾ ਪਤਾ ਲੱਗ ਗਿਆ। ਰਾਜਾ ਬੱਚਾ ਘਰ ਲੈ ਆਇਆ। ਜੰਗਲ ਦੀ ਗਿੱਲੀ ਥਾਂ ਵਿੱਚ ਮਿਲਣ ਕਰਕੇ ਰਾਜੇ ਨੇ ਬੱਚੇ ਦਾ ਨਾਮ ਗਿੱਲ ਰੱਖ ਦਿੱਤਾ। ਇਹ ਮਿਥਿਹਾਸਕ ਘਟਨਾ ਹੈ। ਭੀਮ ਸਿੰਘ ਦਾਹੀਆ ਗਿੱਲਾਂ ਦਾ ਸੰਬੰਧ ਯੂਨਾਨੀ ਲੋਕਾਂ ਨਾਲ ਜੋੜਦਾ ਹੈ। ਉਸ ਦੇ ਖਿਆਲ ਅਨੁਸਾਰ ਇਸ ਕਬੀਲੇ ਦੇ ਲੋਕ ਸਿਕੰਦਰ ਦੇ ਹਮਲੇ ਸਮੇਂ ਉਸ ਦੇ ਨਾਲ ਆਏ। ਫਿਰ ਕਾਬੁਲ, ਕੰਧਾਰ ਤੇ ਪੰਜਾਬ ਵਿੱਚ ਵਸ ਗਏ। ਯੂਨਾਨੀ ਜੋਧੇ ਹਰਕੁਲੀਸ ਦੇ ਇੱਕ ਪੁੱਤਰ ਦਾ ਨਾਮ ਗਿੱਲਾ ਸੀ। ਇਹ ਵੀ ਹੋ ਸਕਦਾ ਹੈ ਕਿ ਗਿੱਲ ਗੋਤ ਦੇ ਵੱਡੇ ਮੱਧ ਏਸ਼ੀਆ ਤੋਂ ਯੂਨਾਨ ਆਏ ਹੋਣ ਫਿਰ ਭਾਰਤ ਵਿੱਚ ਆਏ ਹੋਣ।
ਮਹਿਮੂਦ?ਗਜ਼ਨਵੀ ਜਿਹੇ ਕੱਟੜ, ਜ਼ਾਲਮ ਤੇ ਲੁਟੇਰੇ ਮੁਸਲਮਾਨ ਬਾਦਸ਼ਾਹ ਤੋਂ ਡਰ ਕੇ 1026?27 ਈਸਵੀ ਦੇ ਸਮੇਂ ਵੀ ਕਈ ਜੱਟ ਕਬੀਲੇ ਰੂਸ ਤੇ ਯੂਰਪ ਵਿੱਚ ਜਿਪਸੀਆਂ ਦੇ ਰੂਪ ਵਿੱਚ ਗਏ ਸਨ। ਯੂਰਪੀਅਨ ਦੇਸ਼ਾਂ ਵਿੱਚ ਵੀ ਮਾਨ, ਢਿੱਲੋਂ, ਗਿੱਲ ਆਦਿ ਗੋਤਾਂ ਦੇ ਗੋਰੇ ਮਿਲਦੇ ਹਨ। ਮਾਲਵੇ ਵਿੱਚ ਇੱਕ ਹੋਰ ਰਵਾਇਤ ਹੈ ਕਿ ਵਿਨੈਪਾਲ ਦੀ ਨੌਵੀਂ ਪੀੜੀ 'ਚ ਜੈਪਾਲ ਹੋਇਆ। ਜੈਪਾਲ ਨੇ ਯਾਦਵ ਬੰਸ ਦੀ ਕੁੜੀ ਨਾਲ ਵਿਆਹ ਕਰਵਾਇਆ ਤੇ ਉਸ ਦੇ ਪੇਟੋਂ ਗਿੱਲ ਪਾਲ ਹੋਇਆ। ਰਾਜੇ ਦੇ ਵਜ਼ੀਰ ਰਤਨ ਲਾਲ ਨੇ ਰਾਜਪੂਤ ਰਾਣੀਆਂ ਨਾਲ ਮਿਲਕੇ ਗਿੱਲਪਾਲ ਨੂੰ ਮਾਰਨ ਦੀ ਸਕੀਮ ਬਣਾਈ। ਇਹ ਸਾਜ਼ਿਸ਼ ਪਕੜੀ ਗਈ ਤੇ ਰਤਨ ਲਾਲ ਡਰਕੇ ਬਗ਼ਦਾਦ ਭੱਜ ਗਿਆ। ਉਸਨੇ ਮੁਸਲਮਾਨ ਬਣਕੇ ਮੱਕੇ ਦਾ ਹਜ਼ ਕੀਤਾ। ਇਸ ਮਗਰੋਂ ਇਸ ਦਾ ਨਾਮ ਹਾਜ਼ੀ ਰਤਨ ਪ੍ਰਸਿੱਧ ਹੋਇਆ। ਬਗ਼ਦਾਦ ਦੇ ਖ਼ਲੀਫੇ ਤੇ ਲੱਖੀ ਭੱਟੀ ਦੀ ਸਹਾਇਤਾ ਨਾਲ ਹਾਜੀ ਰਤਨ ਨੇ ਗਿੱਲ ਪਾਲ ਤੇ ਉਸਦੇ ਵਾਰਸਾਂ ਨੂੰ ਮੋਗੇ ਵੱਲ ਭੱਜਾ ਦਿਤਾ। ਆਪ ਵੀ ਮਾਰਿਆ ਗਿਆ। ਗਿੱਲ ਪਾਲ ਦੇ ਅੱਠ ਪੁੱਤਰਾਂ ਤੇ ਤਿੰਨ ਭਰਾਵਾਂ ਦਾ ਬੰਸ ਬਹੁਤ ਵਧਿਆ ਫੁਲਿਆ। ਗਿੱਲ ਦੇ ਅੱਠ ਪੁੱਤਰ?ਸ਼ੇਰ ਗਿੱਲ, ਝਲੀ, ਬੱਧਣ, ਵੈਰਸੀ, ਨਾਗ, ਸਰਪ, ਲਧਾਈ ਤੇ ਸਿੱਪਰਾ ਸਨ। ਤਿੰਨ ਭਰਾਵਾਂ ਦੀ ਉਲਾਦ ਨੂੰ ਝੋਰੜ ਗਿੱਲ ਕਹਿੰਦੇ ਹਨ। ਗਿੱਲ ਦੇ ਤਿੰਨ ਪੁੱਤਰਾਂ ਦੀ ਬੰਸ, ਮਾਲਵੇ ਦੇ ਉੱਤਰ ਵੱਲ ਫਰੀਦਕੋਟ, ਬਠਿੰਡਾ, ਮੋਗਾ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਵਸੀ। ਵੈਰਸੀਆਂ ਦਾ ਮੁੱਢਲਾ ਪਿੰਡ ਘਲ ਕਲਾਂ ਸੀ। ਇਸ ਬੰਸ ਦੇ ਹੋਰ ਪ੍ਰਸਿੱਧ ਪਿੰਡ ਸਿੰਘਾਂ ਵਾਲਾ, ਬੁਕਣ ਵਾਲਾ, ਫਿਰੋਜ਼ਸ਼ਾਹ, ਚੜਿਕ, ਫੂਲੇਵਾਲਾ ਤੇ ਰਣੀਆਂ ਆਦਿ ਸਨ। ਬੱਧਣ ਗਿੱਲਾਂ ਦਾ ਮੁੱਢਲਾ ਪਿੰਡ ਬੱਧਦੀ ਸੀ। ਬੱਧਣ ਬੰਸ ਵਿਚੋਂ ਚੋਗਾਵਾਂ ਪਿੰਡ ਮੋਗੇ ਦੇ ਚਾਚਿਆਂ ਨੇ ਜੰਡਵਾਲੇ ਥੇਹ ਉੱਪਰ ਨਵਾਂ ਪਿੰਡ ਮੋਗਾ ਬੰਨਿਆ। ਸਾਧੂ ਦੇ ਵਰ ਕਾਰਨ ਮੋਗੇ ਦੇ ਭਾਈਚਾਰੇ ਦੇ ਗਿੱਲ ਬਤਾਲੀ ਪਿੰਡਾਂ ਵਿੱਚ ਫੈਲ ਗਏ। ਲੋਕਾਂ ਨੇ ਮੋਗਾ ਬਤਾਲੀ ਕਹਾਵਤ ਬਣਾ ਲਈ। ਮੋਗੇ ਦੇ ਸਹੁਰੇ ਬਾਰੇ ਸਰਾਂ ਦੀ ਮੁਗਲ ਦਰਬਾਰ ਵਿੱਚ ਚੜ੍ਹਤ ਸੀ।
ਇਸ ਕਾਰਨ ਮੋਗੇ ਤੇ ਉਸ ਦੇ ਭਾਈਚਾਰੇ ਦੀ ਇਨ੍ਹਾਂ 42 ਪਿੰਡਾਂ ਵਿੱਚ ਚੌਧਰ ਰਹੀ। ਸ਼ੁਰੂ?ਸ਼ੁਰੂ ਵਿੱਚ ਗਿੱਲਾਂ ਤੇ ਬਰਾੜਾਂ ਵਿੱਚ ਕਈ ਲੜਾਈਆਂ ਹੋਈਆਂ ਫਿਰ ਆਪਸ ਵਿੱਚ ਰਿਸ਼ਤੇਦਾਰੀਆਂ ਪੈਣ ਕਾਰਨ ਲੜਾਈਆਂ ਖਤਮ ਹੋ ਗਈਆਂ। ਲੜਾਈ ਦਾ ਕਾਰਨ ਜ਼ਮੀਨ ਹੀ ਸੀ। ਸੰਘਰ ਕੇ ਬਰਾੜਾਂ ਨੇ ਹੀ ਮੋਗਾ ਗਿੱਲ ਮਾਰਿਆ ਸੀ। ਮੋਗਾ ਦੇਵੀ ਦਾ ਉਪਾਸ਼ਕ ਸੀ।
ਗੁਰੂ ਹਰਗੋਬਿੰਦ ਜੀ ਦੇ ਸਮੇਂ ਹੀ ਬਹੁਤੇ ਗਿੱਲਾਂ ਨੇ ਸਿੱਖੀ ਧਾਰਨ ਕੀਤੀ। ਮਹਿਰਾਜ ਦੀ ਲੜਾਈ ਵਿੱਚ ਛੇਵੇਂ ਗੁਰੂ ਨਾਲ ਗਿੱਲ ਵੀ ਸਨ। ਸ਼ੇਰ ਗਿੱਲ ਦੀ ਬਹੁਤੀ ਬੰਸ ਮੋਗੇ ਤੋਂ ਉੱਤਰ ਪੱਛਮ ਵੱਲ ਜ਼ੀਰਾ ਖੇਤਰ ਵਿੱਚ ਆਬਾਦ ਹੋਈ। ਨਿਸ਼ਾਨ ਵਾਲੀ ਮਿਸਲ ਦੇ ਮੁਖੀਏ ਸੁਖਾ ਸਿੰਘ ਤੇ ਮੇਹਰ ਸਿੰਘ ਸ਼ੇਰਗਿੱਲ ਸਨ। ਮਾਝੇ ਦੇ ਮਜੀਠੀਏ ਸਰਦਾਰ ਵੀ ਸ਼ੇਰ ਗਿੱਲਾਂ ਵਿਚੋਂ ਹਨ। ਕੁਝ ਸ਼ੇਰ ਗਿੱਲ ਜ਼ੀਰੇ ਖੇਤਰ ਵਿਚੋਂ ਉੱਠਕੇ ਦੁਆਬੇ ਵੱਲ ਚਲੇ ਗਏ ਸਨ। ਸ਼ੇਰ ਗਿੱਲਾਂ ਦੇ ਇੱਕ ਸਰਦਾਰ ਦਾਦੂ ਗਿੱਲ ਨੇ ਮਿੱਠੇ ਮਿਹਰ ਧਾਲੀਵਾਲ ਦੀ ਪੌਤੀ ਦਾ ਰਿਸ਼ਤਾ ਅਕਬਰ ਨੂੰ ਕਰਾਇਆ ਸੀ। ਗਿੱਲ ਬਹੁਤ ਦੂਰਅੰਦੇਸ਼ ਤੇ ਸੂਝਵਾਨ ਹੁੰਦੇ ਹਨ। ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਨਾਲ ਵੀ ਆਪਣੇ ਸੰਬੰਧ ਠੀਕ ਰੱਖੇ। ਮੁਹੰਮਦ ਗੌਰੀ ਨੇ ਬਠਿੰਡੇ ਨੂੰ ਫਤਿਹ ਕਰਕੇ ਕੁਝ ਗਿੱਲਾਂ ਨੂੰ ਸਿਰਸੇ ਹਿਸਾਰ ਵਿੱਚ ਜਾਗੀਰਾਂ ਦਿੱਤੀਆਂ। ਸਿਰਸੇ ਹਿਸਾਰ ਵਿੱਚ ਕੁਝ ਗਿੱਲ ਹਿੰਦੂ ਜਾਟ ਹਨ ਅਤੇ ਕੁਝ ਜੱਟ ਸਿੱਖ ਹਨ ਇਸ ਇਲਾਕੇ ਵਿੱਚ ਝੋਰੜ ਗਿੱਲਾਂ ਦੇ ਵੀ ਕੁਝ ਪਿੰਡ ਹਨ।
ਲੁਧਿਆਣੇ ਦੇ ਜਗਰਾਉਂ ਇਲਾਕੇ ਵਿੱਚ ਵੀ ਗਿੱਲਾਂ ਦੇ 40 ਪਿੰਡ ਹਨ। 12ਵੀਂ ਸਦੀ ਦੇ ਆਰੰਭ ਵਿੱਚ ਰਾਜੇ ਗਿੱਲਪਾਲ ਦੇ ਪੁੱਤਰ ਝੱਲੀ ਦੀ ਅੰਸ਼ ਨੇ ਪਾਇਲ ਨੂੰ ਕੇਂਦਰ ਬਣਾਕੇ ਚੋਮੇ ਨਾਮੇ ਪਿੰਡ ਵਸਾਇਆ ਅਤੇ ਆਪਣੀ ਚੌਧਰ ਕਾਇਮ ਕੀਤੀ। ਇਸ ਇਲਾਕੇ ਵਿੱਚ ਧਮੋਟ, ਗੌਰੀਵਾਲਾ, ਗਿੱਲ ਸਿਹੋੜਾ ਆਦਿ ਗਿੱਲਾਂ ਦੇ ਪੁਰਾਣੇ ਪਿੰਡ ਹਨ। ਮਜੀਠਾ ਵਾਲੇ ਸ਼ੇਰਗਿੱਲ ਗੁਰੂ ਹਰਗੋਬਿੰਦ ਜੀ ਦੇ ਪੱਕੇ ਸ਼ਰਧਾਲੂ ਤੇ ਸੇਵਕ ਸਨ। ਇਹ ਭਾਈ ਖ਼ੁਸ਼ਹਾਲੀ ਦੀ ਅੰਸ਼ ਹਨ। ਮਾਝੇ ਦੇ ਪ੍ਰਸਿੱਧ ਪਿੰਡ ਜਗਦੇਉ ਕਲਾਂ ਵਿੱਚ ਵੀ ਗਿੱਲ ਤੇ ਧਾਲੀਵਾਲ ਆਬਾਦ ਹਨ। ਸਿੱਪਰਾ ਗੋਤ ਦੇ ਗਿੱਲ ਬਹੁਤੇ ਝੰਗ ਵੱਲ ਚਲੇ ਗਏ ਸਨ। ਇਹ ਬਹੁਤੇ ਮੁਸਲਮਾਨ ਹੀ ਬਣ ਗਏ ਸਨ। ਕਾਬੁਲ ਵਿੱਚ ਗਿੱਲ ਮੁਸਲਮਾਨ ਹਨ। ਸਾਂਦਲਬਾਰ ਵਿੱਚ ਗਿੱਲਾਂ ਦਾ ਕੇਵਲ ਇੱਕ ਪਿੰਡ ਕੱਕੜ ਗਿੱਲ ਹੀ ਪ੍ਰਸਿੱਧ ਸੀ। ਪੰਜਾਬ ਵਿੱਚ ਗਿੱਲ ਨਾਮ ਦੇ ਗਿੱਲ ਜੱਟਾਂ ਦੇ ਕਈ ਵੱਡੇ ਪਿੰਡ ਹਨ। ਗਿੱਲ ਮੁਸਲਮਾਨ ਬਹੁਤ ਹਨ। ਮੋਦਗਿੱਲ ਗੋਤ ਦੇ ਲੋਕ ਜੱਟ ਨਹੀਂ ਹੁੰਦੇ। ਇਹ ਰਿਸ਼ੀ ਮਹਾਤਮਾ ਬੁੱਧ ਦੇ ਸਮੇਂ ਹੋਇਆ ਸੀ। ਪੱਛਮੀ ਪੰਜਾਬ ਵਿੱਚ ਬਹੁਤੇ ਗਿੱਲ ਮੁਸਲਮਾਨ ਬਣ ਗਏ ਸਨ। ਇਹ ਝੰਗ, ਮਿੰਟਗੁੰਮਰੀ ਤੇ ਸ਼ਾਹਪੁਰ ਆਦਿ ਜ਼ਿਲ੍ਹਿਆਂ ਵਿੱਚ ਆਬਾਦ ਸਨ। ਸ਼ਾਹੀ ਗੋਤ ਦੇ ਜੱਟ ਵੀ ਗਿੱਲਾਂ ਦੇ ਭਾਈਚਾਰੇ ਵਿਚੋਂ ਹਨ। ਕੁਝ ਗਿੱਲ ਜੱਟ ਗੁਰੂ ਨਾਨਕ ਦੇ ਸਮੇਂ 1505 ਈਸਵੀ ਤੋਂ ਹੀ ਆਸਾਮ ਵਿੱਚ ਵਸ ਗਏ ਹਨ। ਇਹ ਸਾਰੇ ਸਿੱਖ ਹਨ। ਫਰਾਂਸ ਵਿੱਚ ਕਈ ਜਿਪਸੀ ਗਿੱਲਜ਼ ਗੋਤੀ ਹਨ।
ਮਹਾਰਾਸ਼ਟਰ ਦੇ ਗਾਡਗਿੱਲ ਬ੍ਰਾਹਮਣ ਵੀ ਗਿੱਲ ਜੱਟਾਂ ਵਿਚੋਂ ਹੀ ਹਨ। ਗਿੱਲ ਆਪਣੇ ਵਡੇਰੇ ਰਾਜਾ ਪੀਰ ਦੀ ਚੇਤ ਚੌਦਸ ਨੂੰ ਮੋਗੇ ਦੇ ਇਲਾਕੇ ਵਿੱਚ ਰਾਜੇਆਣਾ ਮੱਠ ਤੇ ਮੰਨਤ ਕਰਦੇ ਹਨ। ਮੇਲਾ ਵੀ ਲੱਗਦਾ ਹੈ। ਮੋਗੇ ਖੇਤਰ ਦੇ ਸਾਰੇ ਗਿੱਲ ਬਠਿੰਡੇ ਦੇ ਬਿਨੇਪਾਲ ਦੀ ਵੰਸ਼ ਹੀ ਹਨ। ਜੋ ਕਨੌਜ ਦੇ ਰਾਜੇ ਰਾਠੌਰ ਦੀ ਗਿਆਰਵੀਂ ਪੀੜ੍ਹੀ ਵਿਚੋਂ ਸੀ ਸੰਗਰੂਰ ਤੇ ਰਿਆਸਤ ਜੀਂਦ ਦੇ ਗਿੱਲ ਆਪਣੇ ਜਠੇਰੇ ਸੂਰਤ ਰਾਮ ਦੀ ਪਟਿਆਲੇ ਦੇ ਖੇਤਰ ਬਾਜੇ ਵਾਲੇ ਪੂਜਾ ਕਰਦੇ ਹਨ। ਬੱਕਰਾ ਤੇ ਗੁੜ ਭੇਂਟ ਕਰਦੇ ਹਨ। ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਫਿਰੋਜ਼ਪੁਰ ਦੇ ਖੇਤਰ ਵਿੱਚ ਕਾਫ਼ੀ ਗਿੱਲ ਸੱਖੀ ਸਰਵਰ ਦੇ ਸੇਵਕ ਸਨ। ਉਹ ਹਲਾਲ ਦਾ ਹੀ ਮੀਟ ਖਾਂਦੇ ਸਨ। ਵਿਆਹ ਸ਼ਾਦੀ ਵੇਲੇ ਜੰਡੀ ਵਡਣ ਤੇ ਛਪੜ ਤੋਂ ਮਿੱਟੀ ਕੱਢਣ ਆਦਿ ਦੀਆਂ ਰਸਮਾਂ ਵੀ ਕਰਦੇ ਸਨ। ਇਸ ਇਲਾਕੇ ਵਿੱਚ ਹੁਣ ਸਾਰੇ ਗਿੱਲ ਸਿੱਖ ਹਨ। ਸਿੱਖ ਹੁੰਦੇ ਹੋਏ ਵੀ ਅਜੇ ਵੀ ਕੋਈ ਕੋਈ ਘਰ ਸੱਖੀ ਸਰਵਰ ਮੀਏਂ ਨੂੰ ਮੰਨਦਾ ਹੈ। ਝਟਕੇ ਵਾਲਾ ਮੀਟ ਨਹੀਂ ਖਾਂਦੇ। ਗਿੱਲਜ਼ਈ ਪਠਾਨ ਗਿੱਲ ਜੱਟਾਂ ਵਿਚੋਂ ਹਨ। ਮਜ਼ਹਬੀ ਸਿੱਖਾਂ ਅਤੇ ਤਰਖਾਣਾਂ ਆਦਿ ਜਾਤੀਆਂ ਵਿੱਚ ਵੀ ਗਿੱਲ ਗੋਤ ਦੇ ਲੋਕ ਕਾਫ਼ੀ ਹਨ। ਸਿਆਲਕੋਟ ਵੱਲ ਕੁਝ ਗਿੱਲ ਜੱਟ ਮੁਸਲਮਾਨ ਵੀ ਬਣ ਗਏ ਸਨ। ਹੁਣ ਗਿੱਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਸਿੱਧੂਆਂ ਅਤੇ ਸੰਧੂਆਂ ਤੋਂ ਮਗਰੋਂ ਇਹ ਜੱਟਾਂ ਦਾ ਤੀਜਾ ਵੱਡਾ ਗੋਤ ਹੈ। 1881 ਈਸਵੀ ਦੀ ਜੰਨਸਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਗਿੱਲਾਂ ਦੀ ਗਿਣਤੀ 124172 ਸੀ। ਪੰਜਾਬ ਦਾ ਮਹਾਨ ਲੇਖਕ ਜਸਵੰਤ ਸਿੰਘ ਕੰਵਲ ਵੀ ਗਿੱਲ ਜੱਟ ਹੈ। ਪ੍ਰਸਿੱਧ ਕਿੱਸਾਕਾਰ ਬਾਬੂ ਰਜ਼ਬਅਲੀ ਵਰਯਾਹ ਰਾਜਪੂਤ ਸੀ ਇਹ ਵੀ ਗਿੱਲਾਂ ਨਾਲ ਸੰਬੰਧਿਤ ਸਨ। ਗਿੱਲ ਸੂਰਜ ਬੰਸੀ ਵੀ ਹਨ। ਜੱਟਾਂ ਤੇ ਰਾਜਪੂਤਾਂ ਦੇ ਕਾਫ਼ੀ ਗੋਤ ਸੂਰਜਬੰਸ ਨਾਲ ਸੰਬੰਧ ਰੱਖਦੇ ਹਨ। ਸਿੱਧੂਆਂ ਵਾਂਗ ਗਿੱਲਾਂ ਦੇ ਭੀ ਕਈ ਉਪਗੋਤ ਤੇ ਮੂੰਹੀਆਂ ਹਨ। ਜੇਜੀ ਗੋਤ ਦੇ ਜੱਟ ਵੀ ਆਪਣਾ ਸੰਬੰਧ ਗਿੱਲਾਂ ਨਾਲ ਜੋੜਦੇ ਹਨ। ਗਿੱਲਾਂ ਨੇ ਬਹੁਤ ਉੱਨਤੀ ਕੀਤੀ ਹੈ। ਮੋਗੇ ਜ਼ਿਲ੍ਹੇ ਦੇ ਬਹੁਤ ਸਾਰੇ ਗਿੱਲ ਬਦੇਸ਼ਾਂ ਵਿੱਚ ਜਾ ਕੇ ਆਬਾਦ ਹੋ ਗਏ ਹਨ। ਗਿੱਲ ਭਾਈਚਾਰੇ ਦੇ ਲੋਕ ਸਾਰੇ ਸੰਸਾਰ ਵਿੱਚ ਹੀ ਫੈਲੇ ਹੋਏ ਹਨ। ਇਹ ਜਗਤ ਪ੍ਰਸਿੱਧ ਗੋਤ ਹੈ। ਰੌਬਰਟ ਸੁਥਰਲੈਂਡ ਗਿੱਲ ਯੂਰਪ ਦਾ ਮਹਾਨ ਅੰਗਰੇਜ਼ ਲੇਖਕ ਸੀ। ਅਸਲ ਵਿੱਚ ਗਿੱਲ ਜੱਟ ਕੈਸਪੀਅਨ ਸਾਗਰ ਅਥਵਾ ਗਿੱਲਨ ਸਾਗਰ ਤੋਂ ਚੱਲ ਕੇ ਆਖ਼ਿਰ ਗਿੱਲਗਿਤ (ਕਸ਼ਮੀਰ) ਵੱਲ ਆ ਕੇ ਪੰਜਾਬ ਵਿੱਚ ਵਸੇ ਸਨ।
ਗਰਚੇ : ਗਰਚੇ ਜੱਟ ਤੰਵਰ ਰਾਜਪੂਤਾਂ ਦੀ ਇੱਕ ਸ਼ਾਖ ਹੈ। ਕਿਸੇ ਸਮੇਂ ਇਸ ਕਬੀਲੇ ਦਾ ਦਿੱਲੀ ਉੱਤੇ ਰਾਜ ਹੁੰਦਾ ਸੀ। ਦਿੱਲੀ ਦੇ ਤੰਵਰ ਰਾਜੇ ਅਨੰਗਪਾਲ ਦੂਜੇ ਦੇ ਕੋਈ ਪੁੱਤਰ ਨਹੀਂ ਸੀ। ਚੌਹਾਨਾਂ ਨੇ 1164 ਈਸਵੀ ਦੇ ਲਗਭਗ ਦਿੱਲੀ ਉਨ੍ਹਾਂ ਤੋਂ ਖੋਹ ਲਈ। ਕੁਝ ਸਮੇਂ ਮਗਰੋਂ ਪ੍ਰਿਥਵੀ ਰਾਜ ਚੌਹਾਨ ਦਿੱਲੀ ਦਾ ਬਾਦਸ਼ਾਹ ਬਣ ਗਿਆ। ਤੰਵਰ ਦਿੱਲੀ ਦਾ ਇਲਾਕਾ ਛੱਡ ਕੇ ਕਾਫ਼ੀ ਗਿਣਤੀ ਵਿੱਚ ਰਾਜਸਥਾਨ ਵੱਲ ਚਲੇ ਗਏ। ਗਰਚੇ ਵੀ ਦਿੱਲੀ ਦੇ ਖੇਤਰ ਜਮਨਾ ਨਦੀ ਦੇ ਆਲੇ ਦੁਆਲੇ ਤੋਂ ਉੱਠ ਕੇ ਆਪਣੇ ਤੂਰ ਭਾਈਚਾਰੇ ਨਾਲ ਪਹਿਲਾਂ ਰਾਜਸਥਾਨ ਵੱਲ ਗਏ ਫਿਰ ਲੁਧਿਆਣੇ ਦੇ ਖੇਤਰ ਵਿੱਚ ਆ ਕੇ ਆਬਾਦ ਹੋ ਗਏ। ਦੱਖਣੀ ਮਾਲਵੇ ਵਿੱਚ ਸਿੱਧੂ ਬਰਾੜ ਕੋਟਕਪੂਰੇ ਤੱਕ ਬਰਾੜ ਕੀ ਖੇਤਰ ਵਿੱਚ ਫੈਲੇ ਹੋਏ ਸਨ। ਮੋਗੇ ਵਿੱਚ ਗਿੱਲਾਂ ਦਾ ਜ਼ੋਰ ਸੀ ਨਿਹਾਲੇਵਾਲਾ ਖੇਤਰ ਵਿੱਚ ਧਾਲੀਵਾਲਾਂ ਦਾ ਕਬਜ਼ਾ ਸੀ। ਲੁਧਿਆਣੇ ਦਾ ਖੇਤਰ ਹੀ ਬੇਆਬਾਦ ਸੀ। ਗਰੇਵਾਲ ਗਰਚਿਆਂ ਤੋਂ ਮਗਰੋਂ ਹੀ ਲੁਧਿਆਣੇ ਦੇ ਖੇਤਰ ਵਿੱਚ ਆਏ ਹਨ। ਗਰਚੇ ਲੁਧਿਆਣੇ ਦੇ ਖੇਤਰ ਵਿੱਚ ਬਾਰਵੀਂ ਸਦੀ ਵਿੱਚ ਆਏ ਹਨ। ਗਰੇਵਾਲ 15ਵੀਂ ਸਦੀ ਵਿੱਚ ਆਏ ਹਨ। ਗਰਚੇ ਜਮਨਾ ਦਰਿਆ ਦੇ ਹਰੇ ਭਰੇ ਇਲਾਕੇ ਵਿਚੋਂ ਆ ਕੇ ਸਤਲੁਜ ਅਤੇ ਬਿਆਸ ਦੇ ਹਰੇ ਭਰੇ ਖੇਤਰਾਂ ਵਿੱਚ ਨਵੇਂ ਪਿੰਡ ਵਸਾਕੇ ਵਸ ਗਏ। ਪਰਮਾਰ ਵੀ ਇਸ ਸਮੇਂ ਹੀ ਆਏ ਸਨ। ਗਰਚੇ ਗੋਤ ਦਾ ਜਠੇਰਾ ਪਿੰਡ ਕੋਹਾੜਾ ਜ਼ਿਲ੍ਹਾ ਲੁਧਿਆਣਾ ਵਿੱਚ ਹੀ ਹੈ। ਇਸ ਤੋਂ ਇਲਾਵਾ ਢੰਡਾਰੀ ਕਲਾਂ, ਢੰਡਾਰੀ ਖੁਰਦ, ਸ਼ੰਕਰ, ਬਿੱਲਗਾ ਅਤੇ ਮਜਾਰਾ ਆਦਿ ਪਿੰਡਾਂ ਵਿੱਚ ਵੀ ਗਰਚੇ ਗੋਤ ਦੇ ਕਾਫ਼ੀ ਜੱਟ ਜ਼ਿੰਮੀਂਦਾਰ ਰਹਿੰਦੇ ਹਨ। ਦੁਆਬੇ ਵਿੱਚ ਵੀ ਫਿਲੌਰ?ਨਵਾਂ ਸ਼ਹਿਰ ਰੋਡ ਦੇ ਗਰਚੇ ਗੋਤ ਦਾ ਗਰਚਾ ਨਾਮ ਦਾ ਇੱਕ ਪੁਰਾਣਾ ਤੇ ਉੱਘਾ ਪਿੰਡ ਹੈ। ਇਸ ਪਿੰਡ ਵਿੱਚ ਗਰਚੇ ਗੋਤ ਦੇ ਜਠੇਰੇ ਆਦੀ ਦੀ ਅਧਿਆਨਾ ਸਥਾਨ ਤੇ ਮੜੀ ਹੈ। ਗਰਚੇ ਗੋਤ ਦੇ ਲੋਕ ਪੂਜਾ ਕਰਦੇ ਹਨ। ਆਦੀ ਮਹਾਨ ਸੰਨਿਆਸੀ ਸੀ। ਗਰਚਿਆਂ ਦੇ ਪਰੋਹਤ ਬ੍ਰਾਹਮਣ ਹਨ। ਰੋਪੜ ਜ਼ਿਲ੍ਹੇ ਦੁਆਬੇ ਵਿੱਚ ਗਰਚੇ ਦਲਿਤ ਜਾਤੀ ਵਿੱਚ ਵੀ ਹਨ। ਕੁਝ ਹਿੰਦੂ ਵੀ ਹਨ।
ਮਾਨਸਾ ਇਲਾਕੇ ਦੇ ਪਿੰਡ ਬੀਰੋਕੇ ਕਲਾਂ ਵਿੱਚ ਦਲਿਉ, ਔਲਖ, ਚਹਿਲ ਤੇ ਗਰਚੇ ਜੱਟ ਵਸਦੇ ਹਨ। ਗਰਚੇ ਆਪਣਾ ਪਿਛੋਕੜ ਲੁਧਿਆਣਾ ਜ਼ਿਲ੍ਹਾ ਹੀ ਦੱਸਦੇ ਹਨ।
ਲੁਧਿਆਣੇ ਜ਼ਿਲ੍ਹੇ ਦੇ ਗਰਚੇ ਜੱਟ ਸਮਾਜਿਕ ਤੇ ਰਾਜਨੀਤਿਕ ਤੌਰ ਤੇ ਕਾਫ਼ੀ ਪ੍ਰਭਾਵਸ਼ਾਲੀ ਹਨ। ਇਨ੍ਹਾਂ ਦੀ ਆਰਥਿਕ ਹਾਲਤ ਵੀ ਠੀਕ ਹੈ। ਇਨ੍ਹਾਂ ਦੇ ਕੁਝ ਪਿੰਡ ਪਾਇਲ ਕੋਲ ਵੀ ਹਨ। ਢੰਡਾਰੀ ਪਿੰਡ ਦੇ ਸਰਦਾਰ ਅਸ਼ੋਰ ਸਿੰਘ ਗਰਚਾ ਨੇ ਵੀ ਲੇਖਕ ਨੂੂੰ ਗਰਚੇ ਗੋਤ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਹੈ। ਸੀੜੇ, ਚੰਦੜ, ਢੰਡੇ, ਕੰਧੋਲੇ, ਖੋਸੇ, ਨੈਨ ਵੀ ਤੂਰਾਂ ਦੇ ਹੀ ਉਪਗੋਤ ਹਨ। ਬਹੁਤੇ ਗਰਚੇ ਲੁਧਿਆਣੇ ਤੇ ਦੁਆਬੇ ਵਿੱਚ ਹੀ ਆਬਾਦ ਹਨ। ਪੰਜਾਬ ਵਿੱਚ ਗਰਚੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ ਕਿਉਂਕਿ ਇਹ ਤੂਰਾਂ ਦਾ ਇੱਕ ਉਪਗੋਤ ਹੈ। ਤੂਰ ਜੱਟਾਂ ਦਾ ਪੁਰਾਣਾ ਗੋਤ ਹੈ। ਇਹ ਆਪਣਾ ਸੰਬੰਧ ਮਹਾਭਾਰਤ ਦੇ ਪਾਂਡੋ ਨਾਲ ਜੋੜਦੇ ਹਨ। ਮਹਾਭਾਰਤ ਦੇ ਸਮੇਂ ਵੀ ਪੰਜਾਬ ਵਿੱਚ (83) ਜੱਟ ਕਬੀਲੇ ਆਬਾਦ ਸਨ। ਜੱਟਾਂ ਤੇ ਖੱਤਰੀਆਂ ਦੇ ਕਈ ਗੋਤ ਸਾਂਝੇ ਹਨ। ਜੱਟਾ ਦੇ ਕਈ ਪ੍ਰਾਚੀਨ ਰਾਜਘਰਾਣੇ ਭਾਰਤ ਦੇ ਪ੍ਰਾਚੀਨ ਇਤਿਹਾਸ ਵਿੱਚ ਬਹੁਤ ਉੱਘੇ ਤੇ ਸ਼ਕਤੀਸ਼ਾਲੀ ਸਨ। ਗਰਚਾ ਵੀ ਜੱਟਾਂ ਦਾ ਇੱਕ ਉੱਘਾ ਤੇ ਛੋਟਾ ਗੋਤ ਹੈ। ਤੂਰਾਂ ਦੀਆਂ ਕਈ ਮੂੰਹੀਆਂ ਹਨ। ਅਸਲ ਵਿੱਚ ਤੂਰਾਂ ਜਾਂ ਤੰਵਰਾਂ ਦਾ ਮੁੱਢਲਾ ਘਰ ਮੱਧ ਏਸ਼ੀਆ ਦਾ ਤੁਰਕਸਤਾਨ ਖੇਤਰ ਹੀ ਹੈ। ਬਹੁਤੀਆਂ ਜੱਟ ਜਾਤੀਆਂ ਇਰਾਨ ਤੇ ਅਫ਼ਗਾਨਿਸਤਾਨ ਦੇ ਰਸਤੇ ਹੀ ਵੱਖ ਵੱਖ ਸਮੇਂ ਭਾਰਤ ਵਿੱਚ ਪਹੁੰਚੀਆਂ ਸਨ। ਸਿੰਧ, ਜਮਨਾ ਤੇ ਰਾਵੀ ਆਦਿ ਦਰਿਆਵਾਂ ਦੇ ਖੇਤਰਾਂ ਵਿੱਚ ਸਦਾ ਲਈ ਆਬਾਦ ਹੋ ਗਈਆਂ। ਪਹਿਲਾਂ ਗਰਚੇ ਕੇਵਲ ਜਮਨਾ ਦੇ ਖੇਤਰ ਵਿੱਚ ਹੀ ਆਬਾਦ ਸਨ। ਹੁਣ ਮਾਲਵੇ ਤੇ ਦੁਆਬੇ ਵਿੱਚ ਦੂਰ?ਦੂਰ ਤੱਕ ਵਸਦੇ ਹਨ। ਗਰਚਾ ਜਗਤ ਪ੍ਰਸਿੱਧ ਗੋਤ ਹੈ।
ਪੰਜਾਬ ਵਿੱਚ ਜੱਟਾਂ ਦਾ ਬੋਲਬਾਲਾ ਹੈ। ਇਨ੍ਹਾਂ ਦਾ ਸਮਾਜਿਕ ਤੇ ਰਾਜਨੀਤਕ ਦਰਜਾ ਵੀ ਰਾਜਪੂਤਾਂ ਅਤੇ ਬ੍ਰਾਹਮਣਾਂ ਆਦਿ ਤੋਂ ਉੱਚਾ ਹੋ ਗਿਆ ਹੈ। ਆਰਥਿਕ ਹਾਲਤ ਚੰਗੇਰੀ ਹੋਣ ਕਾਰਨ ਜੀਵਨ ਪੱਧਰ ਵੀ ਉੱਚਾ ਹੋ ਗਿਆ ਹੈ।
ਗੁਰਮ : ਗੁਰਮ ਜੱਟ ਅੱਗਨੀ ਕੁਲ ਪਰਮਾਰਾਂ ਵਿਚੋਂ ਹਨ। ਇਸ ਬੰਸ ਦਾ ਮੋਢੀ ਗੁਰਮ ਵੀ ਜਗਦੇਉ ਬੰਸੀ ਸੀ। ਇਹ ਬਾਰ੍ਹਵੀਂ ਸਦੀ ਦੇ ਅੰਤ ਵਿੱਚ ਰਾਜਪੂਤਾਨੇ ਤੋਂ ਹੀ ਲੁਧਿਆਣੇ ਦੇ ਖੇਤਰ ਵਿੱਚ ਆਏ ਸਨ। ਇਨ੍ਹਾਂ ਨੇ ਆਲਮਗੀਰ ਪਿੰਡ ਦੇ ਨਜ਼ਦੀਕ ਗੁਰਮੀ ਪਿੰਡ ਵਸਾਇਆ ਸੀ। ਇਸ ਪਿੰਡ ਨੂੰ ਸਭ ਤੋਂ ਪਹਿਲਾਂ ਅਮੀਰ ਤੈਮੂਰਲੰਗ ਨੇ ਲੁੱਟਿਆ ਤੇ ਬਰਬਾਦ ਕੀਤਾ। ਗੁਰਮਾ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ।
ਗੁਰਮਾ ਨੇ ਦੁਬਾਰਾ ਪਿੰਡ ਦਾ ਨਾਮ ਗੁਰਮ ਰੱਖ ਕੇ ਇੱਕ ਉੱਚੀ ਥਾਂ ਉੱਤੇ ਵਸਾਇਆ। 1761 ਈਸਵੀ ਵਿੱਚ ਜਦੋਂ ਘੱਲੂਘਾਰਾ ਵਰਤਿਆ ਸੀ ਉਸ ਸਮੇਂ ਵੀ ਅਹਿਮਦਸ਼ਾਹ ਅਬਦਾਲੀ ਨੇ ਗੁਰਮ ਪਿੰਡ ਦਾ ਬਹੁਤ ਨੁਕਸਾਨ ਕੀਤਾ। ਇਸ ਕਾਰਨ ਹੀ ਗੁਰਮ ਗੋਤ ਜੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਘਲੂਘਾਰੇ ਦੇ ਸਮੇਂ ਕੁਝ ਗੁਰਮ ਮਲੇਰਕੋਟਲਾ ਵੱਲ ਚਲੇ ਗਏ। ਉਥੇ ਜਾ ਕੇ ਵੀ ਉਨ੍ਹਾਂ ਨੇ ਗੁਰਮ ਨਾਂਵ ਦਾ ਇੱਕ ਨਵਾਂ ਪਿੰਡ ਵਸਾਇਆ। ਗੁਰਮ ਗੋਤ ਦੇ ਬਹੁਤੇ ਲੋਕ ਲੁਧਿਆਣਾ ਅਤੇ ਸੰਗਰੂਰ ਤੇ ਖੇਤਰ ਵਿੱਚ ਹੀ ਹਨ। ਸਮਰਾਲੇ ਦੇ ਪਾਸ ਲੱਧੜਾਂ ਪਿੰਡ ਦੇ ਗੁਰਮ ਆਪਣੇ ਆਪ ਨੂੰ ਸੇਖੋਂ ਭਾਈਚਾਰੇ ਵਿਚੋਂ ਮੰਨਦੇ ਹਨ। ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਵੀ ਪਿੰਡ ਗੁਰਮ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਬਾਬਾ ਜੀ ਦੇ ਪਿਤਾ ਆਪਣੇ ਸਾਥੀਆਂ ਸਮੇਤ ਲਾਪੁਰ ਦੇ ਪਠਾਣਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਇਨ੍ਹਾਂ ਸ਼ਹੀਦਾਂ ਦੀਆਂ ਸਮਾਧੀਆਂ ਨਵੇਂ ਗੁਰਮ ਕੋਲ ਦੱਖਣ ਵੱਲ ਹਨ। ਆਪਣੇ ਪਿਤਾ ਦੇ ਮਰਨ ਤੋਂ ਮਗਰੋਂ ਬਚਪਨ ਵਿੱਚ ਬਾਬਾ ਦੀਪ ਸਿੰਘ ਆਪਣੇ ਨਾਨਕੇ ਪਿੰਡ ਪੋਹੂ ਵਿੰਡ ਮਾਝੇ ਵਿੱਚ ਚਲਾ ਗਿਆ ਸੀ। ਮਹਾਨ ਸ਼ਹੀਦ ਬਾਬਾ ਦੀਪ ਸਿੰਘ ਵੀ ਜਗਦੇਉ ਬੰਸੀ ਗੁਰਮ ਜੱਟ ਸੀ। ਇਹ ਪਰਮਾਰ ਰਾਜਪੂਤ ਹੀ ਸੀ। ਪੰਜਾਬ ਵਿੱਚ ਗੁਰਮ ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ ਕਿਉਂਕਿ ਇਹ ਪਰਮਾਰਾਂ ਦਾ ਇੱਕ ਉਪਗੋਤ ਹੈ। ਮਾਲਵੇ ਵਿੱਚ ਸਾਰੇ ਗੁਰਮ ਜੱਟ ਸਿੱਖ ਹਨ। ਜਗਦੇਉ, ਸੁਲਖਨ ਤੇ ਧਨਿਚ ਆਦਿ ਪਰਮਾਰ ਸੂਰਮੇ ਵੀ ਰਾਜਸਥਾਨ ਦੇ ਮਾਰਵਾੜ ਖੇਤਰ ਤੋਂ ਆ ਕੇ ਹੀ ਪੰਜਾਬ ਵਿੱਚ ਆਬਾਦ ਹੋਏ ਸਨ। ਗੁਰਮ ਬਹੁਤਾ ਉਘਾ ਗੋਤ ਨਹੀਂ ਹੈ।
No comments:
Post a Comment