Friday 27 December 2019

ਭੁੱਟੇ

ਭੁੱਟੇ : ਇਹ ਪੱਵਾਰ ਰਾਜਪੂਤਾਂ ਦੀ ਸ਼ਾਖਾ ਹਨ। ਇਸ ਬੰਸ ਦਾ ਮੋਢੀ ਭੁੱਟੇ ਰਾਉ ਸੀ। ਭੁੱਟੇ ਰਾਉ ਜੱਗਦੇਉ ਬੰਸੀ ਸੋਲੰਗੀ ਦਾ ਪੋਤਾ ਸੀ। ਪੱਵਾਰ ਵੀ ਮੱਧ ਏਸ਼ੀਆ ਤੋਂ ਆਏ ਪੁਰਾਣੇ ਕਬੀਲਿਆਂ ਵਿਚੋਂ ਹਨ। ਪੰਜਾਬ ਵਿੱਚ ਪੱਵਾਰਾਂ ਦੀਆਂ ਚਾਰ ਮੁੱਖ ਸ਼ਾਖਾਂ ਸਨ। ਭੁੱਟੋ ਭਾਈਚਾਰੇ ਦੇ ਲੋਕ ਪੱਵਾਰਾ ਦੀ ਭੋਟਾ ਸ਼ਾਖਾ ਵਿਚੋਂ ਹਨ।
ਭੁੱਟੇਰਾਉ ਬਹੁਤ ਬਹਾਦਰ ਯੋਧਾ ਸੀ। ਉਹ ਭੱਟੀਆਂ ਨਾਲ ਲੜਾਈ ਵਿੱਚ ਮਾਰਿਆ ਗਿਆ। ਭੱਟੀਆਂ ਨੇ ਚੱਨਾਬ ਖੇਤਰ ਵਿੱਚ ਸਥਿਤ ਉਸ ਦੀ ਰਾਜਧਾਨੀ ਕੁਲਿਆਰ ਉਤੇ ਜ਼ਬਰੀ ਕਬਜ਼ਾ ਕਰ ਲਿਆ ਸੀ। ਮੁਹੰਮਦ ਗੌਰੀ ਦੇ ਹਮਲਿਆਂ ਸਮੇਂ ਪੰਜਾਬ ਖਾੜਕੂ ਜੱਟ ਕਬੀਲਿਆਂ ਦਾ ਘਰ ਸੀ। ਖੋਖਰ, ਭੁੱਟੇ, ਲੰਗਾਹ, ਛੀਨੇ, ਸਮਰੇ, ਵੜੈਚ, ਵਿਰਕ, ਨਿੱਜਰ ਆਦਿ ਕਬੀਲੇ ਏਥੇ ਰਹਿੰਦੇ ਸਨ।

ਭੁੱਟੇ ਜੱਟ ਹਲਕੇ ਵਿੱਚ ਭੁੱਟੇ ਭਾਈਚਾਰੇ ਦਾ ਇੱਕ ਪੁਰਾਣਾ ਪਿੰਡ ਭੁੱਟਾ ਵੀ ਬਹੁਤ ਪ੍ਰਸਿੱਧ ਹੈ। ਭੱਟੀ ਮੁਸਲਮਾਨਾਂ ਨਾਲ ਲੜਾਈਆਂ ਕਾਰਨ ਹੀ ਪੱਵਾਰ ਭਾਈਚਾਰੇ ਦੇ ਲੋਕ ਦੱਖਣ ਪੂਰਬੀ ਮਾਲਵੇ ਨੂੰ ਛੱਡ ਕੇ ਲੁਧਿਆਣੇ ਖੇਤਰ ਵਿੱਚ ਸਤਲੁਜ ਦਰਿਆ ਦੇ ਨੇੜਲੇ ਖੇਤਰਾਂ ਵਿੱਚ ਆਬਾਦ ਸਨ। ਪੱਵਾਰਾਂ 'ਦੇ ਵਡੇਰੇ' ਰਾਜਾ ਜੱਗਦੇਉ ਨੇ ਹੱਠੂਰ ਅਤੇ ਜਰਗ ਵਿੱਚ ਆਪਣਾ ਇੱਕ ਬਹੁਤ ਹੀ ਮਜ਼ਬੂਤ ਕਿਲ੍ਹਾ ਬਣਾਇਆ ਸੀ। ਉਸ ਦੀ ਮਾਲਵੇ ਵਿੱਚ ਦੂਰ ਤੱਕ ਚੌਧਰ ਸੀ। ਰਾਜੇ ਜੱਗਦੇਉ ਦੀ ਮੌਤ ਤੋਂ ਮਗਰੋਂ ਭੁੱਟੇ ਗੋਤ ਦੇ ਪੰਵਾਰਾਂ ਦੀਆਂ ਅਕਸਰ ਮੁਸਲਮਾਨਾਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਇੱਕ ਵਾਰ ਭੁੱਟੋ ਗੋਤ ਦੇ ਲੋਕਾਂ ਨੂੰ ਮੁਸਲਮਾਨਾਂ ਨੇ ਕਿਲ੍ਹੇ ਵਿੱਚ ਘੇਰ ਲਿਆ। ਕੁਝ ਭੁੱਟੇ ਮਾਰੇ ਗਏ, ਕੁਝ ਮੁਸਲਮਾਨ ਬਣ ਗਏ। ਦੁਝ ਦੁਸ਼ਮਣ ਨੂੰ ਭੁਲੇਖਾ ਦੇ ਕੇ ਆਪਣੇ ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਰੱਖਦੇ ਛੁਟ ਗਏ। ਦਲੇਉ ਭਾਈਚਾਰੇ ਦੇ ਲੋਕ ਆਪਣਾ ਨਵਾਂ ਗੋਤ ਦਲਿਉ ਰੱਖ ਕੇ ਦੁਸ਼ਮਣ ਨੂੰ ਭੁਲੇਖਾ ਦੇ ਕੇ ਹੀ ਕਿਲ੍ਹੇ ਵਿਚੋਂ ਛੁਟੇ ਸਨ। ਮਾਨਸਾ ਦੇ ਇਲਾਕੇ ਵਿੱਚ ਹੁਣ ਵੀ ਕਹਾਵਤ ਹੈ?

''ਗੋਤ ਤਾਂ ਸਾਡਾ ਸੀ ਭੁੱਟੇ ਪਰ ਅਸੀਂ ਦਲਿਉ ਕਹਿਕੇ ਛੁੱਟੇ।''

ਦਲੇਉ ਤੇ ਬੁੱਟਰ ਆਪਸ ਵਿੱਚ ਰਿਸ਼ਤੇਦਾਰੀ ਨਹੀਂ ਕਰਦੇ। ਦੋਵੇਂ ਭੁੱਟੇ ਭਾਈਚਾਰੇ ਵਿਚੋਂ ਹਨ। ਭੁੱਟੇ ਜੱਟ ਜੱਗਦੇਉ ਦੇ ਖ਼ਾਨਦਾਨ ਵਿਚੋਂ ਹੀ ਹਨ। ਭੁੱਟੇ ਬਹੁਤ ਵੱਡਾ ਗੋਤ ਸੀ। ਬਹੁਤੇ ਭੁੱਟੇ ਪੱਛਮੀ ਪੰਜਾਬ ਵੱਲ ਚਲੇ ਗਏ ਸਨ। ਮੁਲਤਾਨ ਗਜ਼ਟੀਅਰ ਐਡੀਸ਼ਨ 1902 ਵਿੱਚ ਵੀ ਭੁੱਟਿਆਂ ਨੂੰ ਪੱਵਾਰ ਹੀ ਲਿਖਿਆ ਗਿਆ ਹੈ। ਪੀਰਜ਼ਾਦਾ ਮੁਰਾਦ ਬਖਸ਼ ਭੁੱਟਾ ਵੀ ਆਪਣੇ ਆਪ ਨੂੰ ਪੱਵਾਰ ਰਾਜਪੂਤ ਕਹਿੰਦਾ ਸੀ। ਪੱਛਮੀ ਪੰਜਾਬ ਵਿੱਚ ਬਹੁਤੇ ਭੁੱਟੇ ਮੁਸਲਮਾਨ ਬਣ ਗਏ ਸਨ। ਪੱਛਮੀ ਪੰਜਾਬ ਦੇ ਖੇਤਰ ਮੁਲਤਾਨ, ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਝੰਗ, ਜੇਹਲਮ, ਸ਼ਾਹਪੁਰ ਤੇ ਡੇਰਾ ਗਾਜ਼ੀਖਾਨ ਵਿੱਚ ਭੁੱਟੇ ਭਾਈਚਾਰੇ ਦੇ ਲੋਕ ਕਾਫ਼ੀ ਆਬਾਦ ਸਨ।

ਸਿੱਖਾਂ ਵਿੱਚ ਭੁੱਟੇ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ। ਲੁਧਿਆਣੇ, ਮੋਗੇ, ਫਿਰੋਜ਼ਪੁਰ, ਸੰਗਰੂਰ, ਪਟਿਆਲਾ ਆਦਿ ਖੇਤਰਾਂ ਵਿੱਚ ਕਾਫ਼ੀ ਭੁੱਟੇ ਜੱਟ ਸਿੱਖ ਹਨ। ਕੁਝ ਭੁੱਟੇ ਭਾਈਚਾਰੇ ਦੇ ਲੋਕ ਰਾਜਪੂਤ ਅਤੇ ਅਰਾਈਂ ਵੀ ਹਨ।

ਭੁੱਟੇ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿਚੋਂ ਹਨ। 1881 ਈਸਵੀਂ ਦੀ ਜਨਸੰਖਿਆ ਸਮੇਂ ਸਾਂਝੇ ਪੰਜਾਬ ਵਿੱਚ 22,539 ਭੁੱਟਿਆਂ ਨੇ ਆਪਣੇ ਆਪ ਨੂੰ ਜੱਟ ਦੱਸਿਆ ਹੈ ਅਤੇ 5,085 ਨੇ ਰਾਜਪੂਤ ਦੱਸਿਆ ਹੈ। ਭੁੱਟੇ ਅਰਾਈਂ ਵੀ 32,603 ਸਨ। ਕਿਸੇ ਸਮੇਂ ਲੁਧਿਆਣੇ ਦੇ ਖੇਤਰ ਵਿੱਚ ਭੁੱਟੇ ਕੇਵਲ 36 ਅਤੇ ਫਿਰੋਜ਼ਪੁਰ ਦੇ ਖੇਤਰ ਵਿੱਚ 42 ਰਹਿ ਗਏ ਸਨ। ਮਾਲਵੇ ਵਿੱਚ ਭੁੱਟੇ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਰਹਿ ਗਈ ਸੀ। ਪੰਵਾਰਾ ਦੇ ਕਈ ਨਵੇਂ ਉਪਗੋਤ ਬਣ ਗਏ ਸਨ। ਸਾਰੇ ਹੀ ਜੱਟ ਭਾਈਚਾਰੇ ਵਿੱਚ ਰਲਮਿਲ ਗਏ ਸਨ। ਕੁਝ ਪੰਵਾਰ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਵਿੱਚ ਸ਼ਾਮਿਲ ਹੋ ਗਏ ਸਨ। ਕਾਫ਼ੀ ਪੰਵਾਰ ਮੁਸਲਮਾਨ ਵੀ ਬਣ ਗਏ ਸਨ। ਪੰਵਾਰ ਬਹੁਤ ਵੱਡਾ ਭਾਈਚਾਰਾ ਸੀ। ਪੁਰਾਣੇ ਸਮੇਂ ਵਿੱਚ ਭੁੱਟੇ ਸਾਰੇ ਪੰਜਾਬ ਵਿੱਚ ਫੈਲੇ ਹੋਏ ਸਨ। ਹੁਣ ਭੁੱਟੇ ਗੋਤ ਦੇ ਲੋਕਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਪੱਛਮੀ ਪੰਜਾਬ ਵਿੱਚ ਸਾਰੇ ਭੁੱਟੇ ਮੁਸਲਮਾਨ ਬਣ ਗਏ ਹਨ।

ਭੁੱਟੇ, ਲੰਗਾਹ, ਖਰਲ ਆਦਿ ਜੱਟ ਕਬੀਲੇ ਪਰਮਾਰ ਭਾਈਚਾਰੇ ਵਿਚੋਂ ਹਨ। ਜੱਟਾਂ ਦਾ ਸੁਭਾਅ ਤੇ ਮਤ ਰਲਦੀ ਹੈ ਕਿਉਂਕਿ ਕਲਚਰ ਸਾਂਝੀ ਹੈ। ਪੂਰਬੀ ਪੰਜਾਬ ਵਿੱਚ ਭੁੱਟੇ ਜੱਟ ਘੱਟ ਗਿਣਤੀ ਵਿੱਚ ਹੀ ਹਨ।

No comments:

Post a Comment