ਜਦੋਂ ਜ਼ਮੀਨ ਤੋਂ ਮਹਿੰਗੇ ਹੁੰਦੇ ਸਨ ਟਰੈਕਟਰ
ਪੁਰਾਣੇ ਸਮਿਆਂ ‘ਚ ਟਰੈਕਟਰ, ਰੇਡੀਓ, ਘੜੀ ਆਦਿ ਚੀਜ਼ਾਂ ਦੇ ਮੁੱਲ ਨਾਲੋਂ ਕਈ ਗੁਣਾਂ ਮਹਿੰਗੀਆਂ ਸਨ। ਉਨ੍ਹਾਂ ਵੇਲਿਆਂ ‘ਚ ਜਿਣਸਾਂ ਦੇ ਭਾਅ ਬਹੁਤ ਘੱਟ ਹੁੰਦੇ ਸਨ।
6 ਦਹਾਕੇ ਪਹਿਲਾਂ ਸ੍ਰੀਗੰਗਾਨਗਰ ਜ਼ਿਲ੍ਹੇ ‘ਚ ਗਿਣਤੀ ਦੇ ਟਰੈਕਟਰ ਹੁੰਦੇ ਸਨ। ਸਾਡੇ ਬਜ਼ੁਰਗ ਤਾਇਆ ਨਿਰੰਜਣ ਦੱਸਦੇ ਹਨ ਕਿ 1956-57 ‘ਚ ਅਸੀਂ ਫਤਿਆਬਾਦ (ਹਰਿਆਣਾ) ਤੋਂ 16000 ਰੁਪਏ ‘ਚ ਨਵਾਂ ਫੋਰਡਸਨ ਮੇਜਰ ਟਰੈਕਟਰ (50 ਹਾਰਸ ਪਾਵਰ) ਨੀਲੇ ਰੰਗ ਦਾ ਲਿਆਂਦਾ ਸੀ। ਇਸ ਵੱਡੇ ਟਰੈਕਟਰ ਦੀ ਕੀਮਤ ਹੁਣ ਦੇ ਦੋ ਬੈਰਲ ਡੀਜ਼ਲ ਦੇ ਆਸ-ਪਾਸ ਸੀ। ਬਜ਼ੁਰਗਾਂ ਨੂੰ ਪਾਕਿਸਤਾਨ ਵਾਲੀ ਜ਼ਮੀਨ ਬਦਲੇ ਫਤਿਆਬਾਦ ਨਜ਼ਦੀਕ 75 ਏਕੜ ਜ਼ਮੀਨ ਅਲਾਟ ਹੋਈ ਸੀ। ਉਸ ਵੇਲੇ ਇਹ ਜ਼ਮੀਨ ਪਾਣੀ ਨਾ ਹੋਣ ਕਾਰਨ ਬੰਜਰ ਪਈ ਸੀ। 75 ਏਕੜ ਜ਼ਮੀਨ ਵੇਚਣ ਨਾਲ ਸਿਰਫ਼ ਇਹ ਟਰੈਕਟਰ ਹੀ ਆਇਆ ਸੀ। ਉਸ ਵੇਲੇ ਸ੍ਰੀਗੰਗਾਨਗਰ ਜ਼ਿਲ੍ਹੇ ਸ੍ਰੀ ਨਹਿਰੀ ਪਾਣੀ ਹੋਣ ਕਾਰਨ ਇਕ ਮੁਰੱਬਾ ਜ਼ਮੀਨ (16 ਏਕੜ) ਦੀ ਕੀਮਤ 11000 ਰੁਪਏ ਸੀ। 15.8.63 ਨੂੰ ਇਕ ਸਥਾਨਕ ‘ਸੀਮਾ ਸੰਦੇਸ਼’ ਅਖ਼ਬਾਰ ‘ਚ ਟਰੈਕਟਰ ਅਤੇ ਮੋਟਰਸਾਈਕਲ ਬਾਰੇ ਵਿਗਿਆਪਨ ਇਸ ਤਰ੍ਹਾਂ ਲੱਗਿਆ ਸੀ, ਨੂੰ ਉਰਸਸ ਸੀ 325 ਮਾਰਕ 25 ਹਾਰਸ ਪਾਵਰ ਟਰੈਕਟਰ ਦਾ ਮੁੱਲ 8910 ਰੁਪਏ ਲਗਾਤਾਰ ਰਾਜਦੂਤ 1.75 ਹਾਰਸ ਪਾਵਰ ਮੋਟਰਸਾਈਕਲ ਦਾ ਮੁੱਲ 2240 ਰੁਪਏ। ਉਸ ਵੇਲੇ ਇਕ ਛੋਟੇ ਟਰੈਕਟਰ ਦੀ ਕੀਮਤ ਹੁਣ ਦੇ ਇਕ ਬੈਰਲ ਡੀਜ਼ਲ ਦੇ ਬਰਾਬਰ ਸੀ। ਉਸ ਵੇਲੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਜੀ. ਬੀ. ਏਰੀਏ ‘ਚ ਇਕ ਮੁਰੱਬਾ ਜ਼ਮੀਨ (16 ਏਕੜ) ਦੀ ਕੀਮਤ 13000 ਰੁਪਏ ਸੀ।
1960-65 ‘ਚ ਕਈਆਂ ਕੋਲ ਸੁਨਹਿਰੀ ਮਾਡਲ, ਲਾਂਸ ਅਤੇ ਫਰਗੂਸਨ ਟਰੈਕਟਰ ਹੋਇਆ ਕਰਦੇ ਸਨ। ਸਲੇਟੀ ਰੰਗ ਦੇ ਫਰਗੂਸਨ ਟਰੈਕਟਰ ਦੇ ਪੈਟਰੋਲ ਅਤੇ ਮਿੱਟੀ ਦੇ ਤੇਲ ਦੀਆਂ ਦੋ ਟੈਂਕੀਆਂ ਸਨ। ਇਸ ਨੂੰ ਪੈਟਰੋਲ ਨਾਲ ਸਟਾਰਟ ਕੀਤਾ ਜਾਂਦਾ ਸੀ ਅਤੇ ਮਿੱਟੀ ਦੇ ਤੇਲ ਨਾਲ ਚਲਾਇਆ ਜਾਂਦਾ ਸੀ। ਮੋਟਰਸਾਈਕਲ ਦੀ ਤਰ੍ਹਾਂ ਇਸ ਹੇਠਾਂ ਸਾਈਲੈਂਸਰ ਲੱਗਿਆ ਹੁੰਦਾ ਸੀ। ਕਈ ਵਾਰੀ ਫਲ਼ਿਆਂ ਨਾਲ ਕਣਕ ਗਾਹੁੰਦੇ ਸਮੇਂ ਅੱਗ ਵੀ ਲੱਗ ਜਾਇਆ ਕਰਦੀ ਸੀ। ਸੰਨ 1966 ‘ਚ ਸ੍ਰੀਗੰਗਾਨਗਰ ਜ਼ਿਲ੍ਹੇ ‘ਚ 30 ਹਜ਼ਾਰ ਏਕੜ ਨਰਮੇ ਦੀ ਫਸਲ ‘ਚ 3 ਰੁਪਏ 25 ਪੈਸੇ ਪ੍ਰਤੀ ਵਿਘਾ ਦੇ ਹਿਸਾਬ ਨਾਲ ਹਵਾਈ ਜਹਾਜ਼ ਨਾਲ ਸਪਰੇਅ ਕੀਤੀ ਗਈ ਸੀ।
ਉਸ ਵੇਲੇ ਪੰਜ ਕਨਾਲ ਦੇ ਇਕ ਵਿਘੇ ਦੀ ਕੀਮਤ ਤਕਰੀਬਨ 450 ਰੁਪਏ ਸੀ। ਜਦੋਂਕਿ ਮੌਜੂਦਾ ਸਮੇਂ ਇਕ ਵਿਘੇ ਦੀ ਕੀਮਤ ਦਸ ਲੱਖ ਰੁਪਏ ਹੈ। ਉਸ ਵੇਲੇ ਕਣਕ ਦੀ ਕੀਮਤ 14 ਰੁਪਏ ਮਨ (40 ਸੇਰ) ਸੀ। ਸੰਨ 1952-53 ‘ਚ ਰੀਕੋ ਕੰਪਨੀ ਦੀ ਘੜੀ ਦੀ ਕੀਮਤ 110 ਰੁਪਏ ਸੀ। ਕਈ ਬਜ਼ੁਰਗ ਦੱਸਦੇ ਹਨ ਕਿ 1942-43 ‘ਚ ਇਕ ਸੇਰ ਮੀਟ ਦੀ ਕੀਮਤ 25 ਪੁਰਾਣੇ ਪੈਸੇ ਸੀ। 1965-66 ‘ਚ ਸ੍ਰੀਗੰਗਾਨਗਰ ਜ਼ਿਲ੍ਹੇ ‘ਚ ਦੇਸੀ ਸ਼ਰਾਬ ਦੀ ਢੋਲਕੀ ਆਉਂਦੀ ਸੀ, ਜਿਸ ਵਿਚ 32 ਬੋਤਲਾਂ ਸ਼ਰਾਬ ਹੁੰਦੀ ਸੀ। ਇਕ ਬੋਤਲ ਸ਼ਰਾਬ ਦੀ ਕੀਮਤ ਪੌਣੇ ਤਿੰਨ ਰੁਪਏ ਬਣਦੀ ਸੀ।(copy)
No comments:
Post a Comment